
ਮੋਬਾਇਲ ਕੇਅਰ ਕੰਪੈਨੀਅਨ ਸੇਵਾ ਰਾਹੀਂ ਘਰ ਬੈਠੇ ਲਵੋ ਸਿਹਤ ਸੰਬੰਧੀ ਜਾਣਕਾਰੀ – ਸਿਵਲ ਸਰਜਨ
ਕੇਅਰ ਕੰਪੈਨੀਅਨ ਪ੍ਰੋਗਰਾਮ ਸਬੰਧੀ ਨਰਸਿੰਗ ਸਟਾਫ ਨੂੰ ਦਿੱਤੀ ਸਿਖਲਾਈ
ਟੋਲ ਫ੍ਰੀ ਨੰਬਰ 18008899389 ਤੇ ਕਾਲ ਕਰਕੇ ਲਈ ਸਕਦੀ ਹੈ ਜਾਣਕਾਰੀ

ਰੂਪਨਗਰ, 14 ਮਈ: ਕੇਅਰ ਕੰਪੈਨੀਅਨ ਪ੍ਰੋਗਰਾਮ ਤਹਿਤ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਰੂਪਨਗਰ ਦੇ ਨਰਸਿੰਗ ਸਟਾਫ ਨੂੰ ਕੇਅਰ ਕੰਪੈਨੀਅਨ ਪ੍ਰੋਗਰਾਮ ਸਬੰਧੀ ਸਿਖਲਾਈ ਦਿੱਤੀ ਗਈ।
ਇਸ ਟ੍ਰੇਨਿੰਗ ਦੌਰਾਨ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਦੀਆਂ ਮਾਵਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਖਤਰੇ ਦੇ ਲੱਛਣਾਂ, ਉਨ੍ਹਾਂ ਦੀ ਸਹੀ ਦੇਖਭਾਲ ਕਰਨ ਦੇ ਤਰੀਕਿਆਂ, ਗੈਰ-ਸੰਚਾਰੀ ਬਿਮਾਰੀਆਂ, ਪੌਸ਼ਟਿਕ ਖੁਰਾਕ ਅਤੇ ਮੋਬਾਇਲ ਕੇਅਰ ਕੰਪੈਨੀਅਨ ਸੇਵਾ ਸਬੰਧੀ ਜਾਣਕਾਰੀ ਦਿੱਤੀ ਗਈ।
ਇਹ ਸਿਖਲਾਈ ਸੀਨੀਅਰ ਪ੍ਰੋਗਰਾਮ ਅਫਸਰ ਡਾ. ਦਿਵਿਆ ਮਿਸ਼ਰਾ ਵੱਲੋਂ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਵੱਲੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਸਟਾਫ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਸਰਕਾਰ ਦਾ ਕੇਅਰ ਕੰਪੈਨੀਅਨ ਪ੍ਰੋਗਰਾਮ ਪਿਛਲੇ 7 ਸਾਲਾਂ ਤੋਂ ਚੱਲ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਹਸਪਤਾਲ ਦੇ ਸਾਰੇ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਅਟੈਂਡੈਂਟਾਂ ਨੂੰ ਗਰਭਵਤੀ ਅਤੇ ਨਵਜੰਮੇ ਬੱਚੇ ਦੀ ਸੰਭਾਲ, ਜੋਖਿਮ ਵਾਲੀਆਂ ਸਥਿਤੀਆਂ ਅਤੇ ਗੈਰ-ਸੰਚਾਰੀ ਬਿਮਾਰੀਆਂ, ਸੰਤੁਲਿਤ ਖੁਰਾਕ, ਸਰੀਰਕ ਕਸਰਤ ਆਦਿ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਮਰੀਜ਼ਾਂ ਦੀ ਬਿਹਤਰ ਦੇਖਭਾਲ ਕਰ ਸਕਣ।

ਸਿਵਲ ਸਰਜਨ ਨੇ ਦੱਸਿਆ ਕਿ ਹੁਣ ਕੋਈ ਵੀ ਵਿਅਕਤੀ ਮੋਬਾਇਲ ਕੇਅਰ ਕੰਪੈਨੀਅਨ ਸੇਵਾ ਰਾਹੀਂ ਘਰ ਬੈਠੇ ਸਿਹਤ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਵਿਭਾਗ ਵੱਲੋਂ ਟੋਲ ਫ੍ਰੀ ਨੰਬਰ 18008899389 ਵੀ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਕਾਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਊਆਰ ਕੋਡ ਸਕੈਨ ਕਰਕੇ ਵਟਸਐਪ ਰਾਹੀਂ ਵੀ ਸੇਵਾ ਨਾਲ ਜੁੜਿਆ ਜਾ ਸਕਦਾ ਹੈ। ਸਿਵਲ ਸਰਜਨ ਵੱਲੋਂ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਮੋਬਾਇਲ ਕੇਅਰ ਕੰਪੈਨੀਅਨ ਸੇਵਾ ਦਾ ਨੰਬਰ ਅਤੇ ਕਿਊਆਰ ਕੋਡ ਹਸਪਤਾਲ ਦੇ ਵੱਖ-ਵੱਖ ਸਥਾਨਾਂ ‘ਤੇ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਮਰੀਜ਼ ਇਸ ਸੇਵਾ ਦਾ ਲਾਭ ਲੈ ਸਕਣ।
ਡਾ. ਰਮਨ ਗੁਪਤਾ ਨੇ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਰੋਜ਼ਾਨਾ ਕੇਅਰ ਕੰਪੈਨੀਅਨ ਸੈਸ਼ਨ ਲਗਾਏ ਜਾਣ ਅਤੇ ਮਰੀਜ਼ਾਂ ਦੇ ਡਿਸਚਾਰਜ ਤੋਂ ਪਹਿਲਾਂ ਉਨ੍ਹਾਂ ਨੂੰ ਮੋਬਾਇਲ ਕੇਅਰ ਕੰਪੈਨੀਅਨ ਸੇਵਾ ਨਾਲ ਰਜਿਸਟਰ ਕੀਤਾ ਜਾਵੇ ਤਾਂ ਜੋ ਉਹ ਘਰ ਬੈਠੇ ਮੋਬਾਇਲ ਰਾਹੀਂ ਸਿਹਤ ਸੰਬੰਧੀ ਜਾਣਕਾਰੀ ਹਾਸਲ ਕਰ ਸਕਣ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ, ਜ਼ਿਲ੍ਹਾ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਡੋਲੀ ਸੰਗਲਾਂ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਾਕੇਸ਼ ਸਿੰਘ ਵੀ ਮੌਜੂਦ ਸਨ




