
ਚੋਣਾਂ ਤੋਂ ਠੀਕ ਪਹਿਲਾਂ SIR ਕਿਉਂ ਕਰਵਾਈ ਜਾ ਰਹੀ ਹੈ? : ਰਾਜਾ ਵੜਿੰਗ

ਚੰਡੀਗੜ੍ਹ, 15 ਮਈ (ਅਸਲ ਪੰਜਾਬ ਦੀ ਆਵਾਜ਼ ਬਿਊਰੋ ) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਪੈਸ਼ਲ ਇਨਟੇਨਸਿਵ ਰਵਿਜ਼ਨ (SIR) ਮੁਹਿੰਮ ਦੇ ਸਮੇਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾ ਚੋਣਾਂ ਲਈ ਦੱਸ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਤਾਂ ਅਜਿਹੀ ਕਾਰਵਾਈ ਚੋਣਾਂ ਤੋਂ ਬਾਅਦ ਵੀ ਕੀਤੀ ਜਾ ਸਕਦੀ ਸੀ।
ਭਾਰਤੀ ਚੋਣ ਆਯੋਗ ਵੱਲੋਂ ਕੀਤੇ ਗਏ ਐਲਾਨ ‘ਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਨੇ ਕਿਹਾ ਕਿ ਲੋਕਾਂ ਦੇ ਮਨ ਵਿੱਚ ਇਹ ਭਰੋਸਾ ਬਣਿਆ ਰਹਿਣਾ ਚਾਹੀਦਾ ਹੈ ਕਿ ਇਸ ਪ੍ਰਕਿਰਿਆ ਦੇ ਪਿੱਛੇ ਕੋਈ ਲੁਕਿਆ ਹੋਇਆ ਐਜੰਡਾ ਨਹੀਂ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਇੱਕ ਆਗਿਆਕਾਰੀ ਚੋਣ ਆਯੋਗ ਦੀ ਮਦਦ ਨਾਲ ਵੋਟਰ ਸੂਚੀਆਂ ਦੀ ਸਪੈਸ਼ਲ ਇਨਟੇਨਸਿਵ ਰਵਿਜ਼ਨ (SIR) ਵਰਗੀ ਪ੍ਰਕਿਰਿਆ ਰਾਹੀਂ ਚੋਣ ਨਤੀਜਿਆਂ ਨੂੰ ਆਪਣੇ ਹੱਕ ਵਿੱਚ ਮੋੜਣ ਦੀ ਕੋਸ਼ਿਸ਼ ਕਰ ਸਕਦੀ ਹੈ।
ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੱਸ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਹੋਣੀਆਂ ਹਨ ਅਤੇ ਸੰਭਵ ਹੈ ਇਸ ਤੋਂ ਵੀ ਪਹਿਲਾਂ ਹੋ ਜਾਣ। ਉਨ੍ਹਾਂ ਸਵਾਲ ਕੀਤਾ ਕਿ “ਫਿਰ ਇੱਥੇ ਇਹ ਮੁਹਿੰਮ ਚਲਾਉਣ ਦੀ ਐਨੀ ਜਲਦੀ ਕਿਉਂ ਹੈ?”
ਪੀਸੀਸੀ ਪ੍ਰਧਾਨ ਨੇ ਪੁੱਛਿਆ ਕਿ ਜਦੋਂ ਉੱਤਰ ਪ੍ਰਦੇਸ਼ ਅਤੇ ਗੋਆ ਵਰਗੇ ਰਾਜਾਂ ਵਿੱਚ ਇਹ SIR ਮੁਹਿੰਮ ਛੇ ਮਹੀਨੇ ਪਹਿਲਾਂ ਹੀ ਚਲਾਈ ਜਾ ਚੁੱਕੀ ਹੈ ਅਤੇ ਉਹ ਰਾਜ ਵੀ ਪੰਜਾਬ ਦੇ ਨਾਲ ਹੀ ਚੋਣਾਂ ਵੱਲ ਵੱਧ ਰਹੇ ਹਨ, ਤਾਂ ਪੰਜਾਬ ਵਿੱਚ ਇਹ ਅਭਿਆਸ ਉਸ ਸਮੇਂ ਕਿਉਂ ਨਹੀਂ ਕੀਤਾ ਗਿਆ।
ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ਲਗਭਗ 27 ਲੱਖ ਅਸਲ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਮਾਂ ਘੱਟ ਹੋਣ ਕਾਰਨ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਕੀਤੀਆਂ ਅਪੀਲਾਂ ਚੋਣਾਂ ਤੋਂ ਪਹਿਲਾਂ ਨਿਪਟਾਈਆਂ ਨਹੀਂ ਜਾ ਸਕੀਆਂ ਅਤੇ ਕਈ ਲੋਕ ਆਪਣੇ ਵੋਟ ਦੇ ਅਧਿਕਾਰ ਤੋਂ ਵੰਚਿਤ ਰਹੇ।
ਵੜਿੰਗ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਵਿੱਚ ਵੀ ਅਜਿਹੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ SIR ਪ੍ਰਕਿਰਿਆ ਦੌਰਾਨ ਕਿਸੇ ਵੀ ਅਸਲ ਵੋਟਰ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਨਾ ਹੋਣ ਦਿੱਤਾ ਜਾਵੇ।
ਉਨ੍ਹਾਂ ਰਾਜ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਸਿਆਸੀ ਅਸਹਿਮਤੀਆਂ ਨੂੰ ਪਾਸੇ ਰੱਖ ਕੇ ਇਹ ਯਕੀਨੀ ਬਣਾਉਣ ਕਿ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਵੋਟਰਾਂ ਦੇ ਹੱਕਾਂ ਨਾਲ ਕੋਈ ਛੇੜਛਾੜ ਨਾ ਹੋਵੇ।
ਵੜਿੰਗ ਨੇ ਕਿਹਾ, “ਆਓ ਅਸੀਂ ਇਹ ਸੰਕਲਪ ਕਰੀਏ ਕਿ ਜੋ ਕੁਝ ਬਿਹਾਰ ਅਤੇ ਬੰਗਾਲ ਵਿੱਚ ਹੋਇਆ, ਉਹ ਪੰਜਾਬ ਵਿੱਚ ਨਹੀਂ ਹੋਣ ਦੇਵਾਂਗੇ।”



