ਗੈਰ ਕਾਨੂੰਨੀ ਮਾਈਨਿੰਗ ਕਾਰਨ ਕਾਰ ਸੇਵਾ ਨਾਲ ਬਣਿਆ ਪੁਲ ਖਤਰੇ ਵਿੱਚ : ਰਾਣਾ ਕੇ.ਪੀ. ਸਿੰਘ
ਮਾਈਨਿੰਗ ਮਾਮਲੇ ’ਤੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਚੁੱਪੀ ’ਤੇ ਵੀ ਚੁੱਕੇ ਸਵਾਲ

ਗੈਰ ਕਾਨੂੰਨੀ ਮਾਈਨਿੰਗ ਕਾਰਨ ਕਾਰ ਸੇਵਾ ਨਾਲ ਬਣਿਆ ਪੁਲ ਖਤਰੇ ਵਿੱਚ : ਰਾਣਾ ਕੇ.ਪੀ. ਸਿੰਘ

ਮਾਈਨਿੰਗ ਮਾਮਲੇ ’ਤੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਚੁੱਪੀ ’ਤੇ ਵੀ ਚੁੱਕੇ ਸਵਾਲ
ਸ੍ਰੀ ਅਨੰਦਪੁਰ ਸਾਹਿਬ, 11 ਮਈ () ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਆਪਣੇ ਕਾਂਗਰਸੀ ਸਮਰਥਕਾਂ ਸਮੇਤ ਪਿੰਡ ਚੰਦਪੁਰ ਬੇਲਾ ਵਿਖੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਣਾਏ ਪੁਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਗੈਰ ਕਾਨੂੰਨੀ ਮਾਈਨਿੰਗ ਕਾਰਨ ਇਸ ਪੁਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਇਲਾਕੇ ਦੇ ਕਈ ਪਿੰਡਾਂ ਦੀ ਹੋਂਦ ਖਤਰੇ ਵਿੱਚ ਪੈ ਸਕਦੀ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਜਿਹੜਾ ਪੁਲ ਕਾਰ ਸੇਵਾ ਰਾਹੀਂ ਜ਼ਿਲ੍ਹਾ ਅਨੰਦਗੜ੍ਹ ਦੇ ਬਾਬਿਆਂ ਵੱਲੋਂ ਬਣਾਇਆ ਗਿਆ ਸੀ, ਉਸ ਨੂੰ ਮਾਈਨਿੰਗ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੱਤਾ ਵਿੱਚ ਆਉਣ ਸਮੇਂ ਮਾਈਨਿੰਗ ਤੋਂ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਲਾਭ ਪਹੁੰਚਾਉਣ ਦੇ ਦਾਅਵੇ ਕਰਦੀ ਸੀ, ਪਰ ਮੌਜੂਦਾ ਸਮੇਂ ਵਿੱਚ ਇਲਾਕੇ ਵਿੱਚ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚੋਂ ਰੋਜ਼ਾਨਾ ਹਜ਼ਾਰਾਂ ਟਰੱਕ ਰੇਤਾ ਅਤੇ ਹੋਰ ਖਣਿਜ ਸਮੱਗਰੀ ਲਿਜਾਈ ਜਾ ਰਹੀ ਹੈ। ਚੰਦਪੁਰ, ਗੱਜਪੁਰ, ਅਗੰਮਪੁਰ ਅਤੇ ਆਸਪਾਸ ਦੇ ਕਈ ਇਲਾਕਿਆਂ ਵਿੱਚ ਹੋ ਰਹੀ ਮਾਈਨਿੰਗ ਕਾਰਨ ਭਲੜੀ, ਮਜਾਰੀ, ਸਹਿਜੋਵਾਲ ਅਤੇ ਚੰਦਪੁਰ ਬੇਲਾ ਵਰਗੇ ਪਿੰਡਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹਲਕੇ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਮਾਮਲੇ ’ਤੇ ਆਪਣਾ ਮੌਕਫ਼ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਮਾਈਨਿੰਗ ਦੇ ਮੁੱਦੇ ’ਤੇ ਮੰਤਰੀ ਚੁੱਪ ਕਿਉਂ ਹਨ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਇਸ ਧੰਦੇ ਲਈ ਜ਼ਿੰਮੇਵਾਰ ਕੌਣ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਐਲਗਰਾਂ ਦੇ ਪੁਲ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਹੁਣ ਚੰਦਪੁਰ ਬੇਲਾ ਨੇੜੇ ਸਥਿਤ ਇਹ ਪੁਲ ਵੀ ਖਤਰੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲ ਇਲਾਕੇ ਦੇ ਸੈਂਕੜੇ ਪਿੰਡਾਂ ਲਈ ਜੀਵਨ ਰੇਖਾ ਵਜੋਂ ਕੰਮ ਕਰਦਾ ਹੈ ਅਤੇ ਲੋਕਾਂ ਦੀ ਆਵਾਜਾਈ ਦਾ ਮੁੱਖ ਸਾਧਨ ਹੈ। ਇਹ ਪੁਲ ਕਿਸੇ ਸਰਕਾਰ ਵੱਲੋਂ ਨਹੀਂ, ਸਗੋਂ ਬਾਬਿਆਂ ਦੀ ਕਾਰ ਸੇਵਾ ਨਾਲ ਬਣਾਇਆ ਗਿਆ ਸੀ।
ਉਨ੍ਹਾਂ ਦੋਸ਼ ਲਗਾਇਆ ਕਿ ਮਾਈਨਿੰਗ ਵਿਭਾਗ ਅਤੇ ਸਥਾਨਕ ਪੁਲਿਸ ਦੀ ਮਿਲੀਭੁਗਤ ਨਾਲ ਗੈਰ ਕਾਨੂੰਨੀ ਮਾਈਨਿੰਗ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਿੰਡਾਂ ਅਤੇ ਇਲਾਕਿਆਂ ਦੀ ਰੱਖਿਆ ਲਈ ਇਕੱਠੇ ਹੋਣ।ਰਾਣਾ ਕੇ.ਪੀ. ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ’ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਨੁਕਸਾਨੀਏ ਪੁਲਾਂ ਅਤੇ ਇਲਾਕਿਆਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ ਜਾਣ।
ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਹਿਮਾਂਸ਼ੂ ਟੰਡਨ, ਪਾਲੀ ਸ਼ਾਹ, ਗੁਰਵੀਰ ਸਿੰਘ ਗੱਜਪੁਰ, ਸਰਪੰਚ ਜਸਵਿੰਦਰ ਸਿੰਘ, ਸਾਬਕਾ ਸਰਪੰਚ ਜਸਪਾਲ ਰਾਣਾ, ਕਾਬਲ ਸਿੰਘ ਰਾਣਾ, ਦਿਨੇਸ਼ ਕੁਮਾਰ ਲੱਕੀ ਅਗੰਮਪੁਰ, ਰਣਦੀਪ ਸਿੰਘ, ਚਰਨਪਾਲ ਸਿੰਘ ਅਤੇ ਅਜੈ ਕੁਮਾਰ ਬਰੋਟੂ ਆਦਿ ਵੀ ਹਾਜ਼ਰ ਸਨ।




